Friday, December 30, 2011

ਪੰਜਾਬੀ ਦ੍ਰਿਸ਼ਟੀ-ਵੀਹ ਸੌ ਵੀਹ (vision punjabi-2020)

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਜਸਵਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਵਿਜ਼ਨ ਪੰਜਾਬੀ-2020 ਬਣਾਉਣ ਲਈ ਅੱਜ ਪੰਜਾਬੀ ਅਕਾਦਮਿਕਤਾ, ਸਾਹਿਤ, ਵਿਗਿਆਨ, ਮੀਡੀਆ, ਤਕਨਾਲੋਜੀ ਆਦਿ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮਾਹਿਰਾਂ, ਵਿਦਵਾਨਾਂ ਦੀ ਭਾਰੀ ਇਕੱਤਰਤਾ ਹੋਈ। ਜਿਸ ਵਿਚ ਠੋਸ ਰੂਪ ਵਿਚ ਅਜਿਹੇ ਸੁਝਾਅ ਸਾਹਮਣੇ ਆਏ ਕਿ ਕਿਸ ਤਰ੍ਹਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਭਵਿੱਖ ਦੀਆਂ ਯੋਜਨਾਵਾਂ ਤਿਆਰ ਹੋ ਸਕਣ। ਇਸ ਸਮੇਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਨਾਲ ਜੁੜੇ ਸਰੋਕਾਰਾਂ ਲਈ ਜਿਥੇ ਸੈਮੀਨਾਰ, ਕਾਨਫਰੰਸਾਂ ਕਰਵਾਉਂਦੀ ਹੈ ਓਥੇ ਹੁਣ ਵਿਜ਼ਨ ਪੰਜਾਬੀ-2020 ਰਾਹੀਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦਾ ਉਦਮ ਕਰੇਗੀ ਅਤੇ ਹਰ ਚੇਤੰਨ ਪੰਜਾਬੀ ਸਾਨੂੰ ਸੁਝਾਅ ਦੇਵੇ ਤਾਂ ਜੋ ਕੋਈ ਠੋਸ ਉਪਰਾਲੇ ਕੀਤੇ ਜਾ ਸਕਣ। ਇਨ੍ਹਾਂ ਸੁਝਾਵਾਂ ਤੇ ਆਧਾਰਿਤ ਯੂਨੀਵਰਸਿਟੀ ਸਮੂਹ ਪੰਜਾਬੀਆਂ ਨਾਲ ਮਿਲ ਕੇ ਅਜਿਹਾ ਪ੍ਰੋਗਰਾਮ ਉਲੀਕਣਾ ਚਾਹੁੰਦੀ ਹੈ ਕਿ ਪੰਜਾਬੀ ਨੂੰ ਭਵਿੱਖ ਵਿਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਯੂਨੈਸਕੋ ਵਰਗੇ ਅਦਾਰਿਆਂ ਦੀਆਂ ਭਾਸ਼ਾਵਾਂ ਦੇ ਮਰ ਜਾਣ ਵਰਗੇ ਖਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਵਿਜ਼ਨ ਪੰਜਾਬੀ-2020 ਬਣਾਉਣ ਲਈ ਇਹ ਇਕ ਆਰੰਭ ਕੀਤਾ ਗਿਆ ਹੈ ਤੇ ਜਲਦੀ ਇਸ ਨਾਲ ਸੰਬੰਧਿਤ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਪੰਜਾਬੀ ਯੂਨੀਵਰਸਿਟੀ ਇਹਦੇ ਲਈ ਹੱਬ ਬਣਨ ਦਾ ਕਾਰਜ ਕਰੇਗੀ। ਇਸ ਇਕੱਤਰਤਾ ਵਿਚ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚੋਂ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ। ਪੰਜਾਬੀ ਅਕਾਦਮੀ, ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ ਨੇ ਕਿਹਾ ਕਿ ਵਿਜ਼ਨ ਪੰਜਾਬੀ-2020 ਬਣਾਉਣ ਲਈ ਪੰਜਾਬੀ ਭਾਸ਼ਾ, ਸਾਹਿਤ, ਤਕਨਾਲੋਜੀ, ਮੀਡੀਆ ਆਦਿ ਖੇਤਰਾਂ ਨਾਲ-ਨਾਲ ਵੱਖ-ਵੱਖ ਕਮੇਟੀਆਂ ਗਠਿਤ ਕਰ ਕੇ ਇਸ ਪੰਜਾਬੀ ਦ੍ਰਿਸ਼ਟੀ ਦੀ ਠੋਸ ਰੂਪ-ਰੇਖਾ ਤਿਆਰ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਅਜਿਹੀ ਹੈ ਇਸ ਵਿਚ ਲਗਭਗ ਹਰ ਭਾਸ਼ਾ ਲਿਖੀ ਜਾ ਸਕਦੀ ਹੈ, ਇਸਦੀ ਵਿਗਿਆਨਕਤਾ ਤੇ ਮਾਣ ਕਰਨਾ ਬਣਦਾ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਵਰਤਮਾਨ ਦੌਰ ਵਿਚ ਆਪਣੀ ਭਾਸ਼ਾ ਵਿਚ ਮਹਾਨ ਸਾਹਿਤ ਪੈਦਾ ਕਰਨਾ ਹੋਵੇਗਾ । ਪ੍ਰਸਿੱਧ ਗਲਪਕਾਰਾ ਦਲੀਪ ਕੌਰ ਟਿਵਾਣਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਅਨੁਵਾਦ ਵੱਲ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ ਅਤੇ ਇਸਦੇ ਨਾਲ ਹੀ ਲੋਕ-ਸਾਹਿਤ ਅਤੇ ਬਾਲ-ਸਾਹਿਤ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਸਰਕਾਰਾਂ ਦੀ ਆਪਣੀ ਜਿੰਮੇਵਾਰੀਆਂ ਤੋਂ ਕੰਨੀ ਕਤਰਾਉਣ ਦੀ ਗਲ ਉੱਠੀ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਵਿਜ਼ਨ ਪੰਜਾਬੀ-2020 ਲਈ ਪੰਜਾਬੀ ਯੂਨੀਵਰਸਿਟੀ ਕੀ ਕਰ ਸਕਦੀ ਹੈ ਇਸ ਲਈ ਦੁਨੀਆਂ ਭਰ ਚੋਂ ਈ.ਮੇਲ, ਫੋਨ ਰਾਹੀਂ ਸੁਝਾਅ ਆਏ ਅਤੇ ਹਾਜ਼ਰ ਸ਼ਖਸੀਅਤਾਂ ਨੇ ਵੀ ਹਰ ਖੇਤਰ ਨਾਲ ਸੁਝਾਅ ਦਿੱਤੇ ਜਿਨ੍ਹਾਂ ਬਾਰੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਸੁਝਾਵਾਂ ਤੇ ਆਧਾਰਿਤ ਵਰਕਸ਼ਾਪ ਅਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਜਿਸ ਤੇ ਆਧਾਰਿਤ ਇਕ ਦਸਤਾਵੇਜ਼ ਤਿਆਰ ਕੀਤਾ ਜਾਵੇਗਾ ਜੋ ਭਵਿੱਖ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਰਹਿਨੁਮਾਈ ਕਰੇਗਾ। ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਮੈਡਮ ਬਲਬੀਰ ਕੌਰ, ਲੋਕਗੀਤ ਪ੍ਰਕਾਸ਼ਨ ਦੇ ਮਾਲਕ ਹਰੀਸ਼ ਜੈਨ, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ। ਦਿੱਲੀ ਯੂਨੀਵਰਸਿਟੀ ਤੋਂ ਡਾ. ਜਗਬੀਰ ਸਿੰਘ, ਡਾ. ਮਨਜੀਤ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਤੋਂ ਡਾ. ਜਸਪਾਲ ਕੌਰ ਕਾਂਗ, ਡਾ. ਸੁਖਦੇਵ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ. ਹਰਸਿਮਰਤ ਸਿੰਘ ਰੰਧਾਵਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਪਰਮਜੀਤ ਸਿੰਘ ਸਿੱਧੂ ਤੋਂ ਇਲਾਵਾ ਅਮਰਜੀਤ ਸਿੰਘ ਗਰੇਵਾਲ, ਡਾ. ਬਲਕਾਰ ਸਿੰਘ, ਡਾ. ਸਵਰਾਜ ਸਿੰਘ, ਡਾ. ਕੁਲਦੀਪ ਸਿੰਘ ਧੀਰ, ਡਾ. ਹਰਸ਼ਿੰਦਰ ਕੌਰ, ਡਾ. ਬਲਵਿੰਦਰ ਕੌਰ ਬਰਾੜ, ਜਸਵੰਤ ਜ਼ਫਰ, ਅਮਰਜੀਤ ਵੜੈਚ, ਵਿਦਵਾਨ ਸਿੰਘ ਸੋਨੀ, ਐਡਵੋਕੇਟ ਸਰਬਜੀਤ ਸਿੰਘ ਆਦਿ ਨੇ ਆਪਣੇ ਸੁਝਾਅ ਦਿੱਤੇ। ਇਸ ਇਕੱਤਰਤਾ ਵਿਚ ਪੰਜਾਬੀ ਸਾਹਿਤ ਆਧਿਐਨ ਵਿਭਾਗ ਦੇ ਮੁਖੀ ਡਾ. ਰਾਜਿੰਦਰ ਲਹਿਰੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਆਪਣੇ ਸਮੂਹ ਅਧਿਆਪਕ ਸਾਥੀਆਂ ਸਮੇਤ ਹਾਜ਼ਰ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਤੋਂ ਡਾ. ਸਬਰਜਿੰਦਰ ਸਿੰਘ ਅਤੇ ਪੰਜਾਬੀ ਖੋਜ ਤੇ ਅਧਿਆਪਨ ਨਾਲ ਸਬੰਧਿਤ ਸਾਰੇ ਅਧਿਆਪਕ ਹਾਜ਼ਰ ਹੋਏ।

‘ਭਾਸ਼ਾਵਾਂ ਅਤੇ ਕੌਮੀ ਏਕਤਾ’

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸਰਪ੍ਰਸਤੀ ਅਤੇ ਡਾ. ਬਲਤੇਜ ਸਿੰਘ ਮਾਨ ਦੀ ਅਗਵਾਈ ਵਿਚ ਸ੍ਰੀ ਗੁਰੂ ਤੇਗ ਬਹਾਦਰ ਕੌਮੀ ਏਕਤਾ ਚੇਅਰ ਵਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ “ਭਾਰਤ ਵਿਚ ਕੌਮੀ ਏਕਤਾ ਅਤੇ ਭਾਈਚਾਰਕ ਸਦਭਾਵਨਾ ਸਨਮੁੱਖ ਚੁਣੌਤੀਆਂ” ਵਿਸ਼ੇ ਉਪਰ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦਾ ਇਕ ਟੈਕਨੀਕਲ ਸ਼ੈਸਨ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿਚ ਕੀਤਾ ਗਿਆ। ਇਸ ਸ਼ੈਸਨ ਦੇ ਚੇਅਰਮੈਨ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਕੋਆਰਡੀਨੇਟਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਵਿਸ਼ੇਸ਼ ਬੁਲਾਰੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਡਾ. ਰਵੇਲ ਸਿੰਘ ਸਨ। ਇਸ ਮੌਕੇ ਵਰਲਡ ਪੰਜਾਬੀ ਸੈਂਟਰ ਦੇ ਸਲਾਹਕਾਰ ਅਮਰਜੀਤ ਸਿੰਘ ਗਰੇਵਾਲ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਸ਼ੈਸਨ ਦੇ ਆਰੰਭ ਵਿਚ ਡਾ. ਬਲਦੇਵ ਸਿੰਘ ਚੀਮਾ ਦੁਆਰਾ ‘ਭਾਸ਼ਾਵਾਂ ਅਤੇ ਕੌਮੀ ਏਕਤਾ’ ਵਿਸ਼ੇ ਉਪਰ ਪੇਪਰ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਕੌਮੀ ਏਕਤਾ ਲਈ ਭਾਸ਼ਾਵਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਭਾਸ਼ਾ ਸੰਚਾਰ ਦਾ ਸਭ ਤੋਂ ਮਹੱਤਵਪੂਰਨ ਵਸੀਲਾ ਹੁੰਦੀ ਹੈ। ਇਸ ਮੌਕੇ ਬੋਲਦਿਆਂ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਇਕ ਬਹੁ-ਭਾਸ਼ਾਈ, ਬਹੁ-ਸਭਿਆਚਾਰਕ ਦੇਸ਼ ਹੈ, ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਇਕ ਮਜ਼ਬੂਤ ਦੇਸ਼ ਬਣੇ ਤਾਂ ਸਾਰੀਆਂ ਪਛਾਣਾਂ ਨੂੰ ਮਾਨਤਾ ਦੇਣੀ ਪਵੇਗੀ, ਭਾਸ਼ਾਵਾਂ ਦੇ ਮਾਮਲੇ ਵਿਚ ਇਹ ਗਲ ਹੋਰ ਵੀ ਸੱਚ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇਕ ਪਾਸੇ ਕਰੰਸੀ ਭਾਵ ਤਜਾਰਤ ਇਕ ਕਰਦੀ ਹੈ ਤਾਂ ਬਾੱਲੀਵੁੱਡ ਸਿਨਮੇ ਦੀ ਭਾਸ਼ਾ, ਜੋ ਹਿੰਦੀ ਨਹੀਂ ਸਗੋਂ ਹਿੰਦੋਸਤਾਨੀ ਹੈ, ਵੀ ਸਾਰੇ ਭਾਰਤੀਆਂ ਤਕ ਸੰਚਾਰ ਕਰ ਰਹੀ ਹੈ। ਭਾਸ਼ਾ ਅਤੇ ਕੌਮੀ ਏਕਤਾ ਦੇ ਮਸਲੇ ਤੇ ਇਸ ਪ੍ਰਕਾਰ ਨਵੇਂ ਪੱਖਾਂ ਵਲ ਵੀ ਧਿਆਨ ਦੇਣਾ ਬਣਦਾ ਹੈ। ਪੰਜਾਬੀ ਵਿਭਾਗ ਦੇ ਖੋਜਾਰਥੀ ਪਰਮਜੀਤ ਸਿੰਘ ਕੱਟੂ ਨੇ ‘ਭਾਸ਼ਾਵਾਂ ਅਤੇ ਕੌਮੀ ਏਕਤਾ : ਅੰਤਰ-ਸੰਬੰਧ’ ਵਿਸ਼ੇ ਉਪਰ ਬੋਲਦਿਆਂ ਕਿਹਾ ਕਿ ਭਾਰਤ ਜਿਹੇ ਭਿੰਨਤਾਵਾਂ ਵਾਲੇ ਦੇਸ਼ ਵਿਚ ਕੌਮੀ ਏਕਤਾ ਬਹੁਤ ਸੰਜੀਦਾ ਮਸਲਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਏਕਤਾ ਲਈ ਜਿਥੇ ਭਾਰਤ ਵਿਚ ਕੋਈ ਇਕ ਸਾਂਝੀ ਸੰਪਰਕ ਭਾਸ਼ਾ ਨਹੀਂ ਓਥੇ ਭਾਸ਼ਾ ਦੇ ਨਾਂ ‘ਤੇ ਹੁੰਦੀ ਸੌੜੀ ਰਾਜਨੀਤੀ ਵੀ ਇਦ੍ਹੇ ਲਈ ਘਾਤਕ ਹੈ । ਦੇਸ਼ ਵਿਚ ਵੱਖਰੀਆਂ ਪਛਾਣਾਂ ਦੀ ਵੱਖਰਤਾ ਦੇ ਬਾਵਜੂਦ ਏਕਤਾ ਬਣਾਈ ਰੱਖਣਾ ਇਹ ਚੁਣੌਤੀ ਹੈ। ਇਸ ਮੌਕੇ ਬਾਬਾ ਫ਼ਰੀਦ ਕਾਲਜ, ਦਿਉਣ ਤੋਂ ਡਾ. ਰਵਿੰਦਰ ਸੰਧੂ ਨੇ ‘ਕੌਮੀ ਏਕਤਾ : ਭਾਸ਼ਕ ਪਰਿਪੇਖ’ ਅਤੇ ਡਾ. ਜਗਪ੍ਰੀਤ ਕੌਰ ਨੇ ‘ਭਾਰਤ ਵਿਚ ਬਹੁ-ਭਾਸ਼ਾਵਾਦ’ ਵਿਸ਼ੇ ਤੇ ਪਰਚੇ ਪੇਸ਼ ਕੀਤੇ। ਇਸ ਤੋਂ ਇਲਾਵਾ ਰਾਮ ਨਿਵਾਸ, ਵੰਦਨਾ ਸ਼ਰਮਾ, ਡਾ. ਮੋਹਨ ਤਿਆਗੀ, ਨਿਤੀਸ਼ਾ ਮਹਾਜਨ ਆਦਿ ਵਲੋਂ ਵੀ ਇਸ ਸ਼ੈਸਨ ਵਿਚ ਪਰਚੇ ਪੇਸ਼ ਕੀਤੇ ਗਏ, ਜਿਨ੍ਹਾਂ ਉਪਰ ਬਹਿਸ ਕੀਤੀ ਗਈ। ਇਸ ਮੌਕੇ ਬਹੁ-ਗਿਣਤੀ ਖੋਜਾਰਥੀਆਂ-ਵਿਦਿਆਰਥੀਆਂ ਦੇ ਨਾਲ-ਨਾਲ ਡਾ. ਜਸਵਿੰਦਰ ਸਿੰਘ, ਡਾ.ਚਰਨਜੀਤ ਕੌਰ, ਡਾ.ਬਲਕਾਰ ਸਿੰਘ, ਡਾ. ਗੁਰਮੁਖ ਸਿੰਘ, ਰਾਜਵੰਤ ਕੌਰ ਪੰਜਾਬੀ, ਡਾ. ਗੁਰਜੰਟ ਸਿੰਘ ਆਦਿ ਵੀ ਸ਼ਾਮਿਲ ਹੋਏ।