Sunday, February 27, 2011

ਪੰਜਾਬੀ ਟਾਈਪਿੰਗ ਟਿਊਟਰ ਦਾ ਕਮਾਲ


ਹੁਣ ਟਾਈਪਿੰਗ ਸਿਖਾਏਗਾ ਗੁਰਮੁਖੀ ਟਾਈਪਿੰਗ ਗੁਰੂ

ਕੰਪਿਊਟਰ ਦੀ ਵਰਤੋਂ ਦੌਰਾਨ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਲਈ ਵਰਤੋਂਕਾਰ ਦੁਆਰਾ ਦੋ ਤਰ੍ਹਾਂ ਦੇ ਕੀ-ਬੋਰਡ, ਰਮਿੰਗਟਨ ਅਤੇ ਫੋਨੈਟਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਰਮਿੰਗਟਨ ਕੀ-ਬੋਰਡ ਤੇ ਉਹ ਵਰਤੋਂਕਾਰ ਕੰਮ ਕਰਦੇ ਹਨ ਜੋ ਰਵਾਇਤੀ ਟਾਈਪ ਮਸ਼ੀਨ ਦੇ ਕੀ-ਬੋਰਡ ਤੋਂ ਜਾਣੂ ਹਨ। ਟਾਈਪ ਮਸ਼ੀਨ ਦੇ ਕੀ-ਬੋਰਡ ਉੱਤੇ ਅੱਖਰਾਂ ਦੀਆਂ ਕੀਜ਼ ਕ੍ਰਮਵਾਰ ਨਹੀਂ ਹੁੰਦੀਆਂ ਸਗੋਂ ਅੱਖਰਾਂ ਨੂੰ ਵਰਤੋਂ ਦੇ ਆਧਾਰ ਤੇ ਸੈੱਟ ਕੀਤਾ ਜਾਂਦਾ ਹੈ। ਰਮਿੰਗਟਨ ਨੂੰ ਸ਼ੁਰੂ ਵਿਚ ਸਿੱਖਣਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਵਰਤੋਂਕਾਰ ਇਸ ਤੇ ਲਗਾਤਾਰ ਕੰਮ ਕਰਦਾ ਹੈ ਤਾਂ ਉਹ ਤੇਜ਼ ਗਤੀ ਨਾਲ ਕੰਮ ਕਰਨ ਦਾ ਆਦੀ ਹੋ ਜਾਂਦਾ ਹੈ। ਦੂਜੇ ਪਾਸੇ ਫੋਨੈਟਿਕ ਕੀ-ਬੋਰਡ ਦੀ ਸ਼ੁਰੂਆਤੀ ਵਰਤੋਂ ਤਾਂ ਸੌਖੀ ਹੁੰਦੀ ਹੈ ਪਰ ਇਸ ਤੇ ਕੰਮ ਕਰਨ ਦੀ ਗਤੀ ਰਮਿੰਗਟਨ ਤੋਂ ਘੱਟ ਰਹਿ ਸਕਦੀ ਹੈ।

ਪੰਜਾਬੀ ਭਾਸ਼ਾ ਵਿਚ ਰਮਿੰਗਟਨ ਕੀ-ਬੋਰਡ ਦੀ ਟਾਈਪ ਸੌਖੇ ਤਰੀਕੇ ਨਾਲ ਸਿੱਖਣ ਲਈ ਗੁਰਮੁਖੀ ਟਾਈਪਿੰਗ ਗੁਰੂ (ਜੀ. ਟੀ. ਜੀ.) ਨਾਮ ਦਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਇਹ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਡਾ: ਰਾਜਵਿੰਦਰ ਸਿੰਘ ਅਤੇ ਸੀ| ਜੇ| ਸਾਫਟੈੱਕ, ਪਟਿਆਲਾ ਦੇ ਸ੍ਰੀ ਚਰਨਜੀਵ ਸਿੰਘ ਨੇ ਤਿਆਰ ਕੀਤਾ ਹੈ। ਇਸ ਸਾਫ਼ਟਵੇਅਰ ਨੂੰ ਡਾਊਨਲੋਡ ਕਰਨ ਲਈ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਾਲੇ ਪੰਨੇ (punjabiuniversity.ac.in/punjabidepartment) ਤੇ ਜਾਇਆ ਜਾ ਸਕਦਾ ਹੈ।

ਇਹ ਸਾਫ਼ਟਵੇਅਰ ਵਰਤੋਂਕਾਰਾਂ ਨੂੰ ਟਾਈਪਿੰਗ ਦੇ ਪ੍ਰਮੁੱਖ ਨੁਕਤਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਖਰ, ਸ਼ਬਦ, ਵਾਕ ਆਦਿ ਦਾ ਕਦਮ-ਦਰ-ਕਦਮ ਅਭਿਆਸ ਕਰਵਾਉਣ ਦੀ ਮੁਹਾਰਤ ਵੀ ਰੱਖਦਾ ਹੈ। ਇਸ ਪ੍ਰੋਗਰਾਮ ਦੀ ਸੀ|ਡੀ| ਪ੍ਰਾਪਤ ਕਰਨ ਜਾਂ ਮਦਦ ਲਈ rajwinderpup@gmail.com ਤੇ ਮੇਲ ਕੀਤਾ ਜਾ ਸਕਦਾ ਹੈ। ਗੁਰਮੁਖੀ ਟਾਈਪਿੰਗ ਗੁਰੂ ਇੰਸਟਾਲ ਕਰਨ ਲਈ ਤੁਹਾਡੇ ਕੰਪਿਊਟਰ ਵਿੰਡੋ ਐਕਸ ਪੀ ਦਾ ਘੱਟੋ-ਘੱਟ ਸਰਵਿਸ ਪੈਕ-2, ਰੈਮ ੧੨੮ ਐਮ.ਬੀ., ਭੰਡਾਰਨ ਸਮਰੱਥਾ ੩੦੦ ਐਮ.ਬੀ. ਅਤੇ ਸਿਸਟਮ ਵਿਚ ਅਸੀਸ ਫੌਂਟ ਇੰਸਟਾਲ ਹੋਣਾ ਲਾਜ਼ਮੀ ਹੈ।

ਸੀ.ਪੀ. ਕੰਬੋਜ

ਇਹ ਲੇਖ ਅੱਜ 27 ਫਰਵਰੀ ਦੇ ਅਜੀਤ ਅਖ਼ਬਾਰ ਤੇ ਛਪਿਆ ਹੈ

(ਅਜੀਤ ਅਖ਼ਬਾਰ ਤੋਂ ਧੰਨਵਾਦ ਸਹਿਤ)

Tuesday, February 15, 2011

ਦੇਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸਾਹਿਤਕ ਮਿਲਣੀ



‘‘ਪਿਤਾ ਜੀ ਦਾ ਲੋਕ-ਲਹਿਰਾਂ ਵਿਚ ਸ਼ਾਮਿਲ ਰਹਿਣਾ ਤੇ ਪੁਲਿਸ ਨੂੰ ਘਰ ਆਉਂਦੇ-ਜਾਂਦੇ ਦੇਖਦੇ ਦਾ ਹੀ ਬਚਪਨ ਬੀਤਿਆ, ਇਹਨਾਂ ਘਟਨਾਵਾਂ ਨੇ ਮੇਰੇ ਅੰਦਰ ਸੰਘਰਸ਼ ਦੇ ਬੀਜ ਬੋਅ ਦਿੱਤੇ ਜੋ ਬਾਅਦ ਵਿਚ ਮੇਰੇ ਨਾਟਕਾਂ ਤੇ ਰੰਗਮੰਚ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਿਲ ਹਨ ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਈ ਗਈ ਸਾਹਿਤਕ ਮਿਲਣੀ ਸਮੇਂ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਦਵਿੰਦਰ ਦਮਨ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਪੇਂਡੂ ਪਰਿਵਾਰ ਚ ਪੈਦਾ ਹੋਏ ਤੇ ਬਚਪਨ ਵਿਚ ਮਾਤਾ ਜੀ ਦੀ ਮੌਤ ਹੋ ਜਾਣ ਕਰਕੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਸ ਲਈ ਚੰਗੀ ਤਰ੍ਹਾਂ ਪੜ੍ਹਾਈ ਨਾ ਹੋ ਸਕੀ ਤੇ ਮਸਾਂ ਦਸਵੀਂ ਤਕ ਦੀ ਪੜ੍ਹਾਈ ਹੋ ਸਕੀ ਪਰ ਸਕੂਲ ਸਮੇਂ ਦਾ ਅਦਾਕਾਰੀ ਦਾ ਸ਼ੌਕ ਨਾਟਕ ਦੇ ਖੇਤਰ ਵਿਚ ਲੈ ਆਇਆ।ਉਨ੍ਹਾਂ ਇਹ ਵੀ ਦੱਸਿਆ ਕਿ ਹਰਪਾਲ ਟਿਵਾਣਾ ਜਿਹੇ ਉੱਘੇ ਰੰਗਕਰਮੀਆਂ ਸਮੇਤ ਬਹੁਤ ਲੋਕਾਂ ਤੋ ਕਲਾ ਦੇ ਗੁਰ ਸਿੱਖੇ। ਬਾਅਦ ਵਿਚ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਤੇ ਉਹ ਹਮੇਸ਼ਾ ਚੇਤੰਨ ਤੌਰ ਤੇ ਸਮਾਜਿਕ ਵਰਤਾਰਿਆਂ ਖਾਸਕਰ ਰਾਜਨੀਤਿਕ ਘਟਨਾਵਾਂ ਨੂੰ ਲੋਕ-ਪੱਖੀ ਦ੍ਰਿਸ਼ਟੀ ਤੋਂ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦੇ ਹਨ।

ਇਸ ਮੌਕੇ ਉਹਨਾਂ ਨਾਲ ਆਏ ਮੈਡਮ ਜਸਵੰਤ ਦਮਨ ਨੇ ਵੀ ਅਪਣੀ ਜ਼ਿੰਦਗੀ ਤੇ ਕਲਾ ਨਾਲ ਜੁੜੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਮੈਡਮ ਦਮਨ ਨੇ ਕਿਹਾ ਕਿ ਉਹ ਦੋਵੇਂ ਜੀਅ ਰੰਗਮੰਚ ਨੂੰ ਸਮਰਪਿਤ ਹਨ ਤੇ ਉਹਨਾਂ ਦੇ ਤਾਂ ਬੱਚੇ ਵੀ ਸਟੇਜਾਂ ਉੱਪਰ ਖੇਡਦੇ-ਖੇਡਦੇ ਹੀ ਪਲੇ ਹਨ। ਉਨ੍ਹਾਂ ਸੰਜੀਦਾ ਕਲਾਕਾਰਾਂ ਦੀ ਓਸ ਹੋਣੀ ਦੀ ਗਲ ਵੀ ਕੀਤੀ ਜੋ ਕਲਾਕਾਰ ਸਮਾਜਿਕ ਤਬਦੀਲੀ ਲਈ ਆਪਣੀ ਕਲਾ ਨੂੰ ਵਰਤਦੇ ਹਨ ਪਰ ਇਸ ਮੁਸ਼ਕਲ ਭਰੇ ਕਾਰਜ ਵਿਚ ਬਹੁਤ ਕੁਝ ਗੁਆ ਵੀ ਦਿੰਦੇ ਹਨ ਪਰ ਸਾਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਤੇ ਬਹੁਤ ਸਾਰੇ ਮੁਲਕਾਂ ਵਿਚ ਉਹਨਾਂ ਨੇ ਆਪਣੀਆਂ ਰੰਗਮੰਚੀ ਪੇਸ਼ਕਾਰੀਆਂ ਕੀਤੀਆਂ ਹਨ।

ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਦਵਿੰਦਰ ਦਮਨ ਤੇ ਜਸਵੰਤ ਦਮਨ ਦੀ ਜੋੜੀ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ , ਗੁਰਸ਼ਰਨ ਭਾਅ ਜੀ ਤੇ ਅਜਮੇਰ ਸਿੰਘ ਔਲਖ ਵਾਂਗ ਉਨ੍ਹਾਂ ਦੀ ਕਲਾ ਨਾਲ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜੋੜੀ ਨੇ ਪਿੰਡਾਂ ਦੇ ਰੰਗਮੰਚ ਤੋਂ ਲੈ ਕੇ ਬਾੱਲੀਵੁੱਡ ਦੀਆਂ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਹੈ ਅਤੇ ਦਵਿੰਦਰ ਦਮਨ ਹੋਰਾਂ ਦਾ ਲਿਖਿਆ ਨਾਟਕ ਛਿਪਣ ਤੋਂ ਪਹਿਲਾਂ ਅੱਜ ਵੀ ਬਹੁਤ ਲੋਕਾਂ ਵਲੋਂ ਖੇਡਿਆ ਜਾ ਰਿਹਾ ਹੈ ਓਥੇ ਉਨ੍ਹਾਂ ਦਾ ਨਾਟਕ ਕਤਰਾ-ਕਤਰਾ ਜ਼ਿੰਦਗੀ ਅੱਜ-ਕੱਲ੍ਹ ਦੀ ਸਮਾਜਿਕ ਖੜੋਤ ਵਾਲੀ ਸਥਿਤੀ ਬਾਰੇ ਬੜੀ ਚਿੰਤਨਸ਼ੀਲ ਰਚਨਾ ਹੈ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਦਵਿੰਦਰ ਦਮਨ ਵਰਗੇ ਪ੍ਰਤੀਬੱਧ ਨਾਟਕਕਾਰ ਤੇ ਮੈਡਮ ਜਸਵੰਤ ਦਮਨ ਵਰਗੇ ਸੰਜੀਦਾ ਰੰਗਕਰਮੀ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨਇਸ ਸਮੇਂ ਡਾ. ਸੁਰਜੀਤ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਡਾ. ਗੁਰਜੰਟ ਸਿੰਘ, ਡਾ. ਜਸਪਾਲ ਕੌਰ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਦਵਿੰਦਰ ਦਮਨ ਤੇ ਜਸਵੰਤ ਦਮਨ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਪਰਮਜੀਤ ਕੱਟੂ ਨੇ ਕੀਤਾ।

ਅਜਮੇਰ ਸਿੰਘ ਔਲਖ ਵਿਦਆਰਥੀਆਂ ਦੇ ਰੂ-ਬ-ਰੂ


‘‘ਪੰਜਾਬ ਦੀ ਬਹੁਗਿਣਤੀ ਪਿੰਡਾਂ ਵਿੱਚ ਵੱਸਦੀ ਹੈ, ਜਿਨ੍ਹਾਂ ਦੀਆਂ ਆਪਣੀਆਂ ਦੁਸ਼ਵਾਰੀਆਂ ਤੇ ਤਕਲੀਫਾਂ ਹਨ, ਮੇਰੇ ਨਾਟਕ ਲੋਕਾਂ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ, ਉਸੇ ਨੂੰ ਜਾਗਰੂਕ ਕਰਦੇ ਹਨ, ਆਮ ਲੋਕਾਂ ਲਈ ਕਲਾ ਨੂੰ ਵਰਤਣਾ ਹੀ ਮੇਰੀ ਜ਼ਿੰਦਗੀ ਦਾ ਉਦੇਸ਼ ਹੈ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਏ ਗਏ ਰੂਬਰੂ ਸਮਾਗਮ ਵਿੱਚ ਬੋਲਦਿਆਂ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਅਜਮੇਰ ਸਿੰਘ ਔਲਖ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਨਿਮਨ ਕਿਸਾਨੀ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ, ਕਿਸਾਨੀ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਆਪਣੇ ਪਿੰਡੇ ਤੇ ਹੰਢਾਇਆ ਹੈ ਤੇ ਇਹੀ ਅਨੁਭਵ ਪਹਿਲਾਂ ਪਹਿਲ ਉਨ੍ਹਾਂ ਦੇ ਗੀਤਾਂ ਵਿੱਚ, ਕਹਾਣੀ ਜਾਂ ਨਾਵਲ ਵਿੱਚ ਆਇਆ ਜੋ ਕਿਤਾਬੀ ਰੂਪ ਵਿੱਚ ਨਹੀਂ ਛਪਿਆ, ਪਰ ਉਹ ਸਾਹਿਤ ਦੇ ਖੇਤਰ ਵਿੱਚ ਇਕ ਨਾਟਕਕਾਰ ਅਤੇ ਰੰਗਕਰਮੀ ਵਜੋਂ ਸਥਾਪਤ ਹੋਏ। ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਕਲਾ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਜਿੱਥੇ ਲੋਕਾਂ ਨੇ ਉਨ੍ਹਾਂ ਦੀ ਕਲਾਂ ਨੂੰ ਬਹੁਤ ਜ਼ਿਆਦਾ ਪ੍ਰਵਾਨ ਕੀਤਾ ਉਥੇ ਉਨ੍ਹਾਂ ਦੀ ਜ਼ਿੰਦਗੀ ਵਿਚ ਆਏ ਦੁੱਖ ਤਕਲੀਫਾਂ ਸਮੇਂ ਵੀ ਹਰ ਵਰਗ ਨੇ ਉਨ੍ਹਾਂ ਦੀ ਭਰਪੂਰ ਮਦਦ ਕੀਤੀ। ਬਾਕੀ ਸਾਹਿਤ ਰੂਪਾਂ ਨਾਲੋਂ ਨਾਟਕ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਤੇ ਚੇਤੰਨ ਕਰਦਾ ਹੈ।

ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਅਜਮੇਰ ਸਿੰਘ ਔਲਖ ਨਾਲ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਨਾਟਕੀ ਸਫ਼ਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਔਲਖ ਸਾਹਿਬ ਨੇ ਪੰਜਾਬੀ ਨਾਟਕ ਨੂੰ ਇਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ ਤੇ ਗੁਰਸ਼ਰਨ ਭਾਅ ਜੀ ਤੋਂ ਬਾਅਦ ਉਨ੍ਹਾਂ ਦੀ ਕਲਾ ਤੇ ਆਮ ਲੋਕਾਂ ਪ੍ਰਤੀ ਪ੍ਰਤਿਬੱਧਤਾ ਕਾਰਨ ਉਹ ਆਮ ਲੋਕਾਂ ਵਿਚ ਬਹੁਤ ਮਕਬੂਲ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਨੂੰ ਇਸ ਗੱਲ ਤੇ ਮਾਣ ਹੈ ਕਿ ਅਜਮੇਰ ਸਿੰਘ ਔਲਖ ਵਿਭਾਗ ਦੇ ਪੁਰਾਣੇ ਵਿਦਿਆਰਥੀ ਰਹਿ ਚੁਕੇ ਹਨ। ਸਾਹਿਤ ਸਭਾ ਇੰਚਾਰਜ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਨਾਟਕ ਮੰਡਲੀ ਨੇ ਬਹੁਤ ਸਮਾਂ ਪਹਿਲਾਂ ਅਜਮੇਰ ਔਲਖ ਦੇ ਨਾਟਕਾਂ ਨੂੰ ਰੰਗਮੰਚੀ ਰੂਪ ਦਿੱਤਾ ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪ੍ਰਵਾਨਿਤ ਕੀਤਾ ਸੀ। ਡਾ. ਵਰਮਾ ਨੇ ਉਨ੍ਹਾਂ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਧੰਨਵਾਦੀ ਸ਼ਬਦ ਬੋਲਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਉਥਲ-ਪੁਥਲ ਵਾਲੇ ਦੌਰ ਵਿਚ ਅਜਮੇਰ ਸਿੰਘ ਔਲਖ ਵਰਗੇ ਪ੍ਰਤੀਬੱਧ ਨਾਟਕਕਾਰ ਸਾਡੇ ਸਮਾਜ ਲਈ ਚਾਨਣ-ਮੁਨਾਰਾ ਹਨਇਸ ਸਮੇਂ ਡਾ. ਬਲਦੇਵ ਸਿੰਘ ਚੀਮਾ, ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ ਅਤੇ ਹੋਰਨਾਂ ਵਿਭਾਗਾਂ ਤੋਂ ਡਾ. ਜਸਪਾਲ ਕੌਰ ਅਤੇ ਡਾ. ਬਲਦੇਵ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਰਿਸਰਚ ਸਕਾਲਰ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਔਲਖ ਸਾਹਿਬ ਨਾਲ ਸੰਵਾਦ ਰਚਾਇਆ। ਮੰਚ ਸੰਚਾਲਨ ਰਿਸਰਚ ਸਕਾਲਰ ਜਸਵੀਰ ਕੌਰ ਖਰੌੜ ਨੇ ਕੀਤਾ।